ਸੁਰਿੰਦਰ ਸੀਰਤ

ਪ੍ਰੋ. ਸੁਰਿੰਦਰ ਸਿੰਘ ਸੀਰਤ ਬਹੁਪੱਖੀ ਪ੍ਰਵਿਰਤੀ ਦਾ ਲੇਖਕ ਹੈ ਜਿਸ ਨੇ ਉਪਨਿਆਸ, ਕਹਾਣੀ ਅਤੇ ਕਵਿਤਾ ਵਿੱਚ ਇਕ ਨਿੱਗਰ ਯੋਗਦਾਨ ਦਿੱਤਾ ਹੈ। ਆਪ ਦੀ ਪੰਜਾਬੀ ਗ਼ਜ਼ਲ ਸਮੁੱਚੀ ਪੰਜਾਬੀ ਗ਼ਜ਼ਲ ਦੀ ਪ੍ਰਾਪਤੀ ਵਜੋਂ ਇਕ ਦੇਣ ਹੈ।ਆਪ ਨੇ ਪਿੰਡ ਸੈਦਪੁਰਾ, ਪੁਲਵਾਮਾ, ਕਸ਼ਮੀਰ, ਭਾਰਤ ਵਿੱਖੇ ਸਤੰਬਰ 19,1947 ਵਿੱਚ ਸ. ਗੁਰਬਖਸ਼ ਸਿੰਘ ਆਹਲੂਵਾਲੀਆ ਦੇ ਗ੍ਰਹਿ ਵਿੱਖੇ ਜਨਮ ਧਾਰਿਆ। ਸੀਰਤ ਜੀ ਨੇ ਐਮ. ਐਸ . ਸੀ. ਫਿਜ਼ਿਕਸ ਦੀ ਪੋਸਟ ਗ੍ਰੈਜੁਏਟ ਡਿਗਰੀ 1968 ਵਿੱਚ ਪ੍ਰਾਪਤ ਕੀਤੀ ਅਤੇ ਭਾਰਤ ਦੀ ਯੂ.ਜੀ.ਸੀ ਸਕੀਮ ਅਧੀਨ ਜੰਮੂ-ਕਸ਼ਮੀਰ ਦੇ ਹਾਇਰ ਐਜੂਕੇਸ਼ਨ ਵਿਭਾਗ ਵਿੱਚ ਕਾਲਜ ਪ੍ਰੋਫੈਸਰ ਦੀ ਪਦਵੀ ਪ੍ਰਾਪਤ ਕੀਤੀ ਅਤੇ 20 ਸਾਲਾਂ ਬਾਅਦ ਵੋਲਨਟੇਰੀ ਰਿਟਾਇਰਮੈਂਟ ਲੈ ਕੇ ਨਵੰਬਰ 22, 1988 ਨੂੰ ਪਰਵਾਸ ਧਾਰਨ ਕੀਤਾ ਅਤੇ ਕੈਲੀਫੋਰਨੀਆ (ਯੂ.ਐਸ.ਏ) ਦੇ ਸ਼ਹਿਰੀ ਹੋ ਨਿਬੜੇ। ਪ੍ਰੋ. ਸੁਰਿੰਦਰ ਸਿੰਘ ਸੀਰਤ ਦੀ ਪਹਿਲੀ ਕਾਵਿ ਪੁਸਤਕ “ਛੱਲਾਂ” 1980 ਵਿੱਚ ਛਪੀ। ਫਿਰ 1985 ਵਿੱਚ ਕਾਵਿ ਸੰਗ੍ਰਹਿ “ਖ਼ਲਾਅ ‘ਚ ਟੰਗੇ ਹਰਫ਼”, 1986 ਵਿੱਚ ਨਾਵਲ “ਭਰਮ ਭੁਲਈਆਂ” ਅਤੇ 1990 ਵਿੱਚ ਨਿਰੋਲ ਗ਼ਜ਼ਲ ਸੰਗ੍ਰਹਿ “ਕਿਰਚਾਂ” ਉਹਨਾਂ ਦੇ ਜੰਮੂ-ਕਸ਼ਮੀਰ (ਭਾਰਤ) ਰਹਿੰਦਿਆਂ ਲਿੱਖੇ ਗਏ। ਇਹਨਾਂ ਵਿੱਚੋ ਪੁਸਤਕ “ਭਰਮ ਭੁਲਈਆਂ”ਅਤੇ “ਛੱਲਾਂ” ਨੂੰ ਜੇ-ਕੇ ਅਕੈਡਮੀ ਆਫ਼ ਆਰਟ, ਕਲਚਰ ਅਤੇ ਲੈਨਗਵੇਜਜ਼ ਵਲੋਂ ਸਨਮਾਨਿੱਤ ਕੀਤਾ ਗਿਆ। ਅਮਰੀਕਾ ਆ ਕੇ 1992 ਵਿੱਚ “ਪੰਜਾਬੀ ਸਾਹਿਤ ਸਭਾ, ਕੈਲੀਫ਼ੋਰਨੀਆਂ” ਦਾ ਨਿਰਮਾਣ (ਕੁਝ ਤਿੰਨ-ਚਾਰ ਸਾਥੀਆਂ ਨਾਲ) ਸਿਰੇ ਚਾੜ੍ਹਿਆ ਅਤੇ ਕੈਲੀਫ਼ੋਰਨੀਆ ਵਿੱਚ ਇਕ ਪੰਜਾਬੀ ਸਾਹਿਤ ਦੀ ਤਹਿਰੀਕ ਦਾ ਆਰੰਭ ਕੀਤਾ। ਮਗਰੋਂ ਇਸ ਸੰਸਥਾ ਦੇ ਵਿਕਾਸ ਅਧੀਨ “ਵਿਸ਼ਵ ਪੰਜਾਬੀ ਸਾਹਿਤ ਅਕੈਡਮੀ” ਦੀ ਸਥਾਪਨਾ ਕੀਤੀ ਗਈ ਜਿਸ ਦੇ ਆਪ ਇਕ ਡਾਇਰੈਕਟਰ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਨੇ ਕਾਵਿ-ਗ਼ਜ਼ਲ ਪੁਸਤਕ “ਕਿੱਕਰ ਕੰਡੇ”, 2002 ਵਿੱਚ ਨਿਰੋਲ ਗ਼ਜ਼ਲ ਸੰਗ੍ਰਹਿ “ਸੂਰਤ ਸੀਰਤ ਤੇ ਸਰਾਬ”, ਵ੍ਹਰਾ 2007 ਵਿੱਚ ਕਾਵਿ-ਗ਼ਜ਼ਲ ਸੰਗ੍ਰਹਿ “ਸੇਜ ਸੂਲੀ ਤੇ ਸਲੀਬ ”, 2014 ਵਿੱਚ ਗ਼ਜ਼ਲ ਸੰਗ੍ਰਹਿ “ਅਰੂਪੇ ਅਖਰਾਂ ਦਾ ਅਕਸ ”, ਵ੍ਹਰਾ 2018 ਵਿੱਚ ਨਾਵਲ “ਭਰਮ ਭੁਲਈਆਂ” ਦਾ ਐਡਿਟਿਡ ਐਡੀਸ਼ਨ ਅਤੇ ਵਰ੍ਹਾ 2022 ਵਿੱਚ ਕਹਾਣੀ ਸੰਗ੍ਰਹਿ “ਪੂਰਬ ਪੱਛਮ ਤੇ ਪਰਵਾਸ ” ਜਿਹੀਆਂ ਸਾਹਿਤਕ ਪੁਸਤਕਾਂ ਦਾ ਸਿਰਜਨ ਕੀਤਾ। ਵਰ੍ਹਾ 2017 ਵਿੱਚ ਪੁਸਤਕ “ਸੁਰਿੰਦਰ ਸੀਰਤ- ਸਿਰਜਣਾ ਤੇ ਸੰਵਾਦ” ਮਰਹੂਮ ਡਾ. ਦਰਿਆ (G N D U -Amritsar) ਨੇ ਸੰਪਾਦਿਤ ਕੀਤੀ ਜਿਸ ਦਾ ਅਧਾਰ 2014 ਵਿੱਚ ਜੰਮੂ ਯੂਨੀਵਰਸਿਟੀ ਵਿੱਖੇ ਕਰਾਈ ਗਈ ਦੋ ਰੋਜ਼ਾ ਵਿਚਾਰ ਗੋਸ਼ਟੀ ਤੇ ਨਿਰਭਰ ਹੈ। ਸੀਰਤ ਨੂੰ ਜਿੱਥੇ ਮੋਹਨ ਸਿੰਘ ਪੁਰਸਕਾਰ ਦੀ ਪ੍ਰਾਪਤੀ ਦੇ ਨਾਲ ਨਾਲ ਸਾਹਿਰ ਲੁਧਿਆਨਵੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਉੱਥੇ ਹੀ ਭਾਈ ਵੀਰ ਸਿੰਘ ਚੇਅਰ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਜੰਮੂ ਯੂਨੀਵਰਸਿਟੀ ਤੋਂ ਸਨਮਾਨਿਤ ਕੀਤਾ ਗਿਆ ਹੈ। ਨਿਰੰਜਨ ਸਿੰਘ ਨਸਨੀਮ ਅਨੁਸਾਰ ਸੁਰਿੰਦਰ ਸੀਰਤ ਨੇ ਇਕ ਵਾਰ ਇਹ ਗੱਲ ਫਿਰ ਸਿੱਧ ਕਰ ਦਿੱਤੀ ਹੈ ਕਿ ਪੰਜਾਬੀ ਨਾਵਲ ਨਰੋਲ ਚੇਤਨਾ ਪ੍ਰਵਾਹ ਤਸਨੀਕ ਦਾ ਭਾਰ ਝੱਲ ਸਕਦਾ ਹੈ। ਓ.ਪੀ.ਸ਼ਰਮਾ ਸਾਰਥੀ ਸੀਰਤ ਨੂੰ ਅਰੂਪੇ ਅਕਸਾਂ ਦਾ ਚਿੱਤਰਕਾਰ ਵੱਜੋਂ ਸੰਗਿਆ ਦੇਂਦਾ ਹੈ। ਪ੍ਰਿੰਸੀਪਲ ਤਖ਼ਤ ਸਿੰਘ ਅਨੁਸਾਰ… ਨਿਰਸੰਦੇਹ ਸੀਰਤ ਦੀ ਗ਼ਜ਼ਲ ਨੇ ਸੰਪੂਰਨਤਾ ਦੀ ਮੰਜ਼ਿਲ ਵੱਲ ਬੜੀਆਂ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ।

ਡਾ. ਜਗਤਾਰ ਅਨੁਸਾਰ ਸੁਰਿੰਦਰ ਸੀਰਤ ਬਾਕਮਾਲ ਸ਼ਾਇਰ ਹੈ। ਉਸ ਦੇ ਸ਼ਿਅਰਾਂ ਵਿੱਚ ਤਾਜ਼ਗੀ ਹੈ। ਉਸ ਦੀ ਭਾਸ਼ਾ ਵਿੱਚ ਤਾਜ਼ਾ ਲਹੂ ਦੌੜ ਰਿਹਾ ਹੈ ਜੋ ਪ੍ਰਚਲਿਤ ਮੁਹਾਵਰੇ ਤੋਂ ਕਾਫੀ ਭਿੰਨ ਹੈ ਅਤੇ ਉਨ੍ਹਾਂ ਅਨੁਸਾਰ ਸੀਰਤ ਦੀ ਸ਼ਾਇਰੀ ਵਿੱਚ ਅਰੂਜ਼ ਹੈ, ਜੁਸਤਜੂ ਹੈ ਅਤੇ ਤਲਾਸ਼ ਹੈ। ਉਸ ਦੀ ਸ਼ਾਇਰੀ ਜਿੰਦਾ-ਓ-ਜਾਵੇਦ ਸ਼ਾਇਰੀ ਹੈ। ਸੀਰਤ ਦੀ ਸ਼ਾਇਰੀ ਸਾਰਥਕ ਹੈ। ਇਸ ਲਈ, ਉਹ ਚਿਰਾਂ ਤਕ ਜਿਊਂਦੀ ਰਹੇਗੀ। ਡਾ. ਜਮਾਲ ਹੋਸ਼ਿਆਰਪੁਰੀ ਦੀ ਅਰੂਜ਼ ਤੇ ਛਪੀ ਪੁਸਤਕ” ਤਫ਼ਹੀਮ-ਉਲ-ਅਰੂਜ਼ “ ਵਿੱਚ ਪੰਜਾਬੀ ਦਿਆਂ ਗ਼ਜ਼ਲ ਲਿਖਾਰੀਆਂ ਵਿੱਚ ਸੀਰਤ ਨੂੰ 8 ਬਹਿਰਾਂ ਵਿਚ ਸ਼ਾਮਲ ਕੀਤ ਹੈ ਜੋ ਸਭ ਤੋਂ ਜ਼ਿਆਦਾ ਹਨ । ਉੰਝ ਸੀਰਤ ਨੇ ਹੁਣ ਤਾਂਈ 11 ਬਹਿਰਾਂ ਵਿਚ ਗ਼ਜ਼ਲ ਰਸਾਈ ਕੀਤੀ ਹੈ।

Scroll to Top