ਸੁਰਜੀਤ-ਸਖੀ


ਸੁਰਜੀਤ ਸਖੀ ਪੰਜਾਬੀ ਕਾਵਿ-ਜਗਤ ਦੀ ਜਾਣੀ-ਪਛਾਣੀ ਸ਼ਾਇਰਾ ਹੈ। 1980 ਤੋਂ ਲੈ ਕੇ 1990-92 ਦੇ ਵਰ੍ਹਿਆਂ ਦੌਰਾਨ ਜੰਮੂ ਰੇਡੀਓ, ਜਲੰਧਰ ਦੂਰਦਰਸ਼ਨ, ਲਾਲ ਕਿਲ੍ਹੇ ਵਾਲੇ ਕਵੀ ਦਰਬਾਰ ਅਤੇ ਕੋਈ ਕੌਮੀ ਪੱਧਰ ਦੇ ਬਹੁ-ਭਾਸ਼ਾਈ ਕਵੀ ਸੰਮੇਲਨਾਂ ਵਿੱਚ ਉਸ ਦੀ ਲਗਾਤਾਰ ਸ਼ਮੂਲੀਅਤ ਉਸਦੀ ਪ੍ਰਤਿਭਾ ਦੀ ਗਵਾਹੀ ਹਨ।
ਸੁਰਜੀਤ ਸਖੀ ਦਾ ਜਨਮ, ਮਾਤਾ ਸ਼ਾਂਤੀ ਦੇਵੀ ਅਤੇ ਪਿਤਾ ਸ੍ਰ: ਬਲਦੇਵ ਸਿੰਘ ‘ਹਰਨਾਲ’ ਜੀ ਦੇ ਘਰ 28 ਸਿਤੰਬਰ 1948 ਨੂੰ ਹੋਇਆ ॥ ਉਸਦੇ ਨਾਨਕੇ ਅਤੇ ਦਾਦਕੇ ਦੋਵੇਂ ਪਰਿਵਾਰ ਸਾਹਿੱਤ ਦੇ ਨਾਲ-ਨਾਲ ਸੰਗੀਤ ਨਾਲ ਵੀ ਜੁੜੇ ਹੋਏ ਸਨ ਅਤੇ ਦੋਵੇਂ ਪਰਿਵਾਰ ਗੁਰਬਾਣੀ ਦਾ ਓਟ-ਆਸਰਾ ਲੈਕੇ ਚੱਲਣ ਵਾਲੇ ਸਨ। ਇਸ ਤਰ੍ਹਾਂ ਦੇ ਮਾਹੌਲ ਵਿੱਚ ਪਰਿਵਰਸ਼ ਹੋਣ ਕਾਰਨ ਸੁਰਜੀਤ ਸਖੀ ਦਾ ਕਵਿਤਾ ਵੱਲ ਰੁਝਾਨ ਹੋਣਾ ਕੁਦਰਤੀ ਸੀ ॥ ਆਪਣੀ ਕਵਿਤਾਵਾਂ ਗਾਕੇ ਪੇਸ਼ ਕਰਨਾ ਉਸਨੂੰ ਚੰਗਾ ਲੱਗਦਾ ਸੀ।
ਸੁਰਜੀਤ ਸਖੀ ਦੀਆਂ ਕਾਵਿ ਪੁਸਤਕਾਂ :
1. ਕਿਰਨਾਂ (ਕਵਿਤਾਵਾਂ, 1979)
2. ਅੰਗੂਠੇ ਦਾ ਨਿਸ਼ਾਨ (ਕਵਿਤਾਵਾਂ, 19984)
3. ਜਵਾਬੀ ਖਤ (ਕਵਿਤਾਵਾਂ, 1989)
4. ਮੈਂ ਸਿਕੰਦਰ ਨਹੀਂ, (ਗਜ਼ਲਾਂ, 2001)
5. ਧੁੰਦ, (ਗਜ਼ਲਾਂ, ਕਵਿਤਾਵਾਂ, ਗੀਤ, 2018)
ਚੋਣਵੀਂ ਪੰਜਾਬੀ ਕਵਿਤਾ ਬਾਰੇ ਲਿਖੀ ਉਸਦੀ ਵਾਰਤਕ ਦੀ ਪਹਿਲੀ ਪੁਸਤਕ “ਗੱਲ ਤਾਂ ਚਲਦੀ ਰਹੇ” ਹੁਣੇ-ਹੁਣੇ ਛਪ ਕੇ ਆਈ ਹੈ।
ਸੁਰਜੀਤ ਸਖੀ ਦੀ ਕਵਿਤਾ ਬਾਰੇ ਡਾ: ਅਤਰ ਸਿੰਘ ਜੀ ਲਿਖਦੇ ਹਨ :
ਸਖੀ ਦੀ ਕਵਿਤਾ ਦਾ ਮੀਰੀ ਗੁਣ ਜੋ ਮੈਨੂੰ ਲੱਭਿਆ ਹੈ, ਉਹ ਉਸ ਦੀ ਸਰਲਤਾ, ਸੁਭਾਵਿਕਤਾ ਅਤੇ ਰਵਾਨਗੀ ਏ। ਇਹ ਗੁਣ ਉਸ ਨੂੰ ਕਾਵਿ-ਚੇਟਕੀਆਂ ਦੇ ਬਹੁਤ ਨੇੜੇ ਕਰਦਾ ਏ। ਇਸ ਦਾ ਵੱਡਾ ਕਾਰਨ ਕਵਿੱਤਰੀ ਮਨ ਦੀ ਸਪਸ਼ਟਤਾ ਹੈ ॥ ਉਹ ਜੋ ਲਿਖਦੀ ਹੈ, ਸਿੱਧਾ, ਸਪਾਟ ਅਤੇ ਆਪ-ਮੁਹਾਰਾ ਏ ॥ ਇਸ ਲਈ ਜੇ ਮੈਂ ਕਹਾਂ ਕਿ ਉਹ ਕਵਿਤਾ ਕਹਿੰਦੀ ਏ, ਲਿਖਦੀ ਨਹੀਂ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ।
ਸੁਰਜੀਤ ਸਖੀ ਦੀ ਗਜ਼ਲ ਬਾਰੇ ਡਾ: ਜਗਤਾਰ ਨੇ ਲਿਖਿਆ ਹੈ :
ਸੁਰਜੀਤ ਸਖੀ ਦੀ ਜ਼ਾਤ ਤੋਂ ਕਾਇਨਾਤ ਤੱਕ ਫੈਲੀ ਹੋਈ ਸ਼ਾਇਰੀ 20 ਵੀਂ ਸਦੀ ਦੀ ਪ੍ਰਾਪਤੀ ਹੈ ॥ ਇਹ ਸ਼ਾਇਰੀ ਕਾਫ਼ੀ ਸਾਰੀ ਪੰਜਾਬੀ ਕਵਿਤਾ ਵਾਂਗ ਅਸੰਚ੍ਰਿਤ, ਸ਼ੋਰੀਲੀ ਦੇ ਬਿਰਤਾਂਤਿਕ ਨਹੀਂ, ਬਲਕਿ ਸ਼ਬਦਾਂ ਰਾਹੀਂ ਸਰਗੋਸ਼ੀਆਂ ਕਰ ਰਹੀ ਹੈ, ਨਾ ਇਸ ਦੇ ਵਿੱਚ ਅਕਾਅ ਹੈ, ਨਾ ਥਕਾਅ…….॥