ਕੁਲਵਿੰਦਰ

ਪ੍ਰਿੰਸੀਪਲ ਤਖ਼ਤ ਸਿੰਘ ਤੇ ਡਾ. ਜਗਤਾਰ ਤੋਂ ਗਜ਼ਲ ਦੀਆਂ ਬਾਰੀਕੀਆਂ ਸਮਝ ਕੇ ਸਿਰਜਣਾ ਦੇ ਖੇਤਰ ਵਿੱਚ ਸਰਗਰਮ ਕੁਲਵਿੰਦਰ ਕਿੱਤੇ ਵੱਲੋਂ ਇੰਜਨੀਅਰ ਹੈ। ਮੈਡੀਕਲ ਇੰਜਨੀਰਿੰਗ ਦੇ ਖੇਤਰ ਵਿੱਚ ਉਸ ਦੀਂ ਵਿਕਸਤ ਮਸ਼ੀਨਾਂ ਨੂੰ ਦਰਜਨਾਂ ਪੇਟੈਂਟ ਹਾਸਲ ਹਨ। 
ਕੈਲੀਫ਼ੋਰਨੀਆ (ਅਮਰੀਕਾ) ਦੇ ਸ਼ਹਿਰ ਸਾਨਫਰਾਂਸਿਸਕੋ ਨੇੜਲੀ ਪਹਾੜੀ ਤੇ ਵੱਸਦਾ ਕੁਲਵਿੰਦਰ ਪੰਜਾਬੀ ਗ਼ਜ਼ਲਕਾਰੀ ਵਿਚ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ। 
ਕੁਲਵਿੰਦਰ ਦਾ ਜਨਮ ਗੁਰਾਇਆ ਨੇੜਲੇ ਪਿੰਡ ਬੰਡਾਲਾ (ਜਲੰਧਰ) ਵਿੱਚ 11 ਦਸੰਬਰ 1961 ਨੂੰ ਸ. ਗੁਰਦੇਵ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਜੀ ਦੀ ਕੁੱਖੋਂ ਹੋਇਆ। 
ਪਿਤਾ ਜੀ ਰੁਜ਼ਗਾਰ ਕਾਰਨ ਆਗਰਾ(ਯੂ ਪੀ) ਰਹਿੰਦੇ ਸਨ। ਕੁਲਵਿੰਦਰ ਨੇ ਬਚਪਨ ਦੇ ਕੁਝ ਸਾਲ ਆਗਰੇ ਵਿਚ ਗੁਜ਼ਾਰੇ। ਪਰਿਵਾਰ ਜਦ ਪੰਜਾਬ ਪਰਤਿਆ ਤਾਂ ਉਹ ਪਿੰਡ ਦੇ ਸਕੂਲ ਵਿੱਚ ਪੜ੍ਹਨ ਲੱਗਿਆ। 
ਕੁਲਵਿੰਦਰ ਦੇ ਪਿੰਡ ਬੰਡਾਲਾ ਦੇ ਲੋਕ ਕਵੀ ਗੁਰਦਾਸ ਰਾਮ ਆਲਮ ਉਸ ਦੇ ਰੋਲ ਮਾਡਲ ਬਣ ਗਏ। 
ਪਿੰਡ ਦੇ ਹਾਈ ਸਕੂਲ ਵਿਚ ਉਸ ਦੇ ਪੰਜਾਬੀ ਅਧਿਆਪਕ ਤ੍ਰਿਲੋਕ ਕਾਲੜਾ ਪੰਜਾਬੀ ਪੜ੍ਹਾਉਦਾ ਸੀ। ਉਹ ਵੀ ਉਸ ਦੀ ਪ੍ਰੇਰਨਾ ਸ਼ਕਤੀ ਬਣਿਆ। ਕੁਲਵਿੰਦਰ ਦੇ ਤਿੰਨ ਗ਼ਜ਼ਲ ਸੰਗ੍ਰਹਿ : ‘ਬਿਰਛਾਂ ਅੰਦਰ ਉੱਗੇ ਖੰਡਰ’, ‘ਨੀਲੀਆਂ ਲਾਟਾਂ ਦਾ ਸੇਕ’ ਅਤੇ ‘ਸ਼ਾਮ ਦੀ ਸ਼ਾਖ ’ਤੇ’ ਬਹੁਤ ਮੁੱਲਵਾਨ ਕਿਰਤਾਂ ਹਨ। ਤਿੰਨਾਂ ਪੁਸਤਕਾਂ ਦੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਹਨ। 
ਕੁਲਵਿੰਦਰ ਦੀ ਰਚਨਾ ਵਕਤ ਦੇ ਰੂਬਰੂ ਹਲਫ਼ੀਆ ਬਿਆਨ ਵਰਗੀ ਹੈ। ਉਸ ਦੀ ਕਾਵਿ ਸਿਰਜਣਾ ਨੂੰ ਖ਼ੁਦ ਮਾਣ ਲਵੋ।

- ਪ੍ਰੋ. ਗੁਰਭਜਨ ਗਿੱਲ

Scroll to Top